China Shopping Mall Fire: ਚੀਨ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਚੀਨ ਦੇ ਦੱਖਣ-ਪੱਛਮੀ ਸ਼ਹਿਰ ਜ਼ਿਗੋਂਗ ਦੇ ਇੱਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਰਕੇ 16 ਲੋਕਾਂ ਦੀ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਸਿਚੁਆਨ ਸੂਬੇ ਦੇ ਜ਼ਿਗੋਂਗ ਸ਼ਹਿਰ ‘ਚ ਇਕ 14 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਇਸ ਕਾਰਨ ਕਈ ਲੋਕ ਇਮਾਰਤ ਦੇ ਅੰਦਰ ਵੀ ਫਸ ਗਏ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲਦਾ ਸਾਫ਼ ਦੇਖਿਆ ਜਾ ਸਕਦਾ ਹੈ।
ਸਰਕਾਰੀ ਮੀਡੀਆ ਸੀਸੀਟੀਵੀ ਮੁਤਾਬਕ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ 300 ਐਮਰਜੈਂਸੀ ਕਰਮਚਾਰੀ ਅਤੇ ਦਰਜਨਾਂ ਫਾਇਰ ਇੰਜਨ ਮੌਕੇ ‘ਤੇ ਭੇਜੇ ਗਏ। ਐਮਰਜੈਂਸੀ ਕਰਮਚਾਰੀਆਂ ਨੇ ਬਚਾਅ ਕਾਰਜ ਚਲਾ ਕੇ ਕਰੀਬ 30 ਲੋਕਾਂ ਨੂੰ ਅੱਗ ਤੋਂ ਬਚਾਇਆ। ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਕਾਰਨ ਉਸਾਰੀ ਦਾ ਕੰਮ ਸੀ, ਜਿਸ ਕਰਕੇ ਚੰਗਿਆੜੀ ਨਿਕਲੀ ਅਤੇ ਫਿਰ ਅੱਗ ਲੱਗ ਗਈ। ਹਾਲਾਂਕਿ ਅਧਿਕਾਰਤ ਬਿਆਨ ਅਜੇ ਸਾਹਮਣੇ ਨਹੀਂ ਆਇਆ ਹੈ।