ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ, 5 ਲੋਕਾਂ ‘ਤੇ ਮਾਮਲਾ ਦਰਜ

ਚੰਡੀਗੜ੍ਹ ਦੇ ਸੈਕਟਰ 34 ਵਿੱਚ ਇੱਕ ਵਿਅਕਤੀ ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਦੇ ਕੇ 8.22 ਲੱਖ ਰੁਪਏ ਦੀ ਠੱਗੀ ਮਾਰੀ ਗਈ। ਧੋਖੇਬਾਜ਼ਾਂ ਨੇ ਜ਼ੀਰਕਪੁਰ ਦੇ ਮਾਇਆ ਗਾਰਡਨ ਦੇ ਇੱਕ ਵਿਅਕਤੀ ਨੂੰ 98 ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਸਿਰਫ਼ 8 ਟਿਕਟਾਂ ਦਿੱਤੀਆਂ, ਜੋ ਜਾਂਚ ਤੋਂ ਬਾਅਦ ਜਾਅਲੀ ਨਿਕਲੀਆਂ।

ਧੋਖਾਧੜੀ ਦਾ ਸ਼ਿਕਾਰ ਹੋਏ ਸੰਸਕਾਰ ਰਾਵਤ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਸਟੇਸ਼ਨ-17 ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ 42 ਦੇ ਰਹਿਣ ਵਾਲੇ ਪਰਵੇਸ਼ ਅਤੇ ਉਸਦੇ ਦੋਸਤਾਂ ਵਰਧਨ ਮਾਨ, ਵਿਨੀਤ ਪਾਲ, ਆਕਾਸ਼ਦੀਪ ਸਿੰਘ ਅਤੇ ਰੋਹਨ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਵਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-42 ਦੇ ਰਹਿਣ ਵਾਲੇ ਪਰਵ ਕੁਮਾਰ ਨਾਲ ਹੋਈ ਸੀ। ਪਰਵ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਵਰਦਾਨ ਮਾਨ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਨਾਲ ਮਿਲ ਕੇ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਕੰਮ ਕਰ ਰਿਹਾ ਹੈ।

ਗੱਲਬਾਤ ਤੋਂ ਬਾਅਦ ਰਾਵਤ ਨੇ 98 ਟਿਕਟਾਂ ਖ਼ਰੀਦਣ ਦਾ ਸੌਦਾ ਕੀਤਾ, ਜਿਸ ਵਿੱਚ 17 ਫੈਨਪਿਟ, 3 ਸਿਲਵਰ ਅਤੇ 78 ਗੋਲਡ ਟਿਕਟ ਸ਼ਾਮਲ ਸਨ। ਇਸ ਦੇ ਲਈ ਉਸ ਨੇ 19 ਸਤੰਬਰ ਨੂੰ 96 ਹਜ਼ਾਰ ਰੁਪਏ ਆਨਲਾਈਨ ਟਰਾਂਸਫਰ ਕੀਤੇ।

ਰਾਵਤ ਨੇ ਦੱਸਿਆ ਕਿ 96 ਹਜ਼ਾਰ ਰੁਪਏ ਟਰਾਂਸਫ਼ਰ ਕਰਨ ਤੋਂ ਬਾਅਦ ਪਰਵ ਨੇ ਪੂਰਾ ਭੁਗਤਾਨ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ 24 ਅਕਤੂਬਰ ਨੂੰ 40 ਹਜ਼ਾਰ ਰੁਪਏ ਹੋਰ ਜਮ੍ਹਾ ਕਰਵਾ ਦਿੱਤੇ। 9 ਅਕਤੂਬਰ ਤੱਕ, ਉਸਨੇ 7 ਲੱਖ ਰੁਪਏ ਆਨਲਾਈਨ ਟ੍ਰਾਂਸਫ਼ਰ ਕੀਤੇ। ਮੁਲਜ਼ਮਾਂ ਨੇ ਵਾਰ-ਵਾਰ ਟਿਕਟਾਂ ਦੇਣ ਦਾ ਵਾਅਦਾ ਕੀਤਾ ਪਰ ਜਦੋਂ ਵਰਦਾਨ ਮਾਨ 9 ਦਸੰਬਰ ਨੂੰ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਸਿਰਫ਼ 3 ਅਸਲੀ ਟਿਕਟਾਂ ਦਿੱਤੀਆਂ। 14 ਦਸੰਬਰ ਨੂੰ ਉਸ ਨੂੰ ਸੈਕਟਰ-17 ਦੇ ਬੱਸ ਸਟੈਂਡ ’ਤੇ ਬੁਲਾ ਕੇ 8 ਟਿਕਟਾਂ ਦਿੱਤੀਆਂ ਗਈਆਂ।

ਰਾਵਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਮੁਲਜ਼ਮਾਂ ਵੱਲੋਂ ਦਿੱਤੀਆਂ 8 ਟਿਕਟਾਂ ਲੈ ਕੇ ਸੈਕਟਰ-34 ਵਿੱਚ ਦਿਲਜੀਤ ਦੁਸਾਂਝ ਦੇ ਸ਼ੋਅ ਵਿੱਚ ਗਿਆ ਤਾਂ ਬਾਹਰੋਂ ਟਿਕਟ ਚੈਕਰ ਨੇ ਜਦੋਂ ਟਿਕਟਾਂ ਦੀ ਜਾਂਚ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਜਾਅਲੀ ਟਿਕਟਾਂ ਹਨ। ਉਸ ਨੇ ਵਾਰ-ਵਾਰ ਕਿਹਾ ਕਿ ਇਹ ਨਕਲੀ ਟਿਕਟਾਂ ਨਹੀਂ ਹਨ, ਇਹ ਅਸਲੀ ਟਿਕਟਾਂ ਹਨ, ਪਰ ਉਸ ਨੂੰ ਸਾਹਮਣੇ ਤੋਂ ਜਵਾਬ ਮਿਲਿਆ ਕਿ ਕੀ ਮੈਂ ਪੁਲਿਸ ਨੂੰ ਬੁਲਾਵਾਂ? ਇਹ ਸੁਣ ਕੇ ਰਾਵਤ ਉਥੋਂ ਵਾਪਸ ਆ ਗਿਆ।

Comments

Leave a Reply

Your email address will not be published. Required fields are marked *