ਭ੍ਰਿਸ਼ਟਾਚਾਰ ਦੇ ਘੇਰੇ ਚ ‘ਆਪ’ ਵਿਧਾਇਕ ! ਵੀਡੀਓ ਜਾਰੀ ਕਰਕੇ LOP ਬਾਜਵਾ ਦੀ ਅਮਨ ਅਰੋੜਾ ਨੂੰ ਚੁਣੌਤੀ

ਬਿਉਰੋ ਰਿਪੋਰਟ – ਭਵਾਨੀਗੜ੍ਹ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਚੋਣਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ । ਵਿੱਕੀ ਬਾਜਵਾ ਨੂੰ ਭਾਵੇਂ ਪ੍ਰਧਾਨ ਚੁਣ ਲਿਆ ਗਿਆ ਹੈ,ਪਰ ਪ੍ਰਧਾਨਗੀ ਅਹੁਦੇ ਲਈ ਦਾਅਵੇਦਾਰ ਮਨਜੀਤ ਸਿੰਘ ਕਾਕਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਹੈ । ਇਸ ਤੋਂ ਪਹਿਲਾਂ ਮਨਜੀਤ ਸਿੰਘ ਨੇ ਇੱਕ ਵੀਡੀਓ ਬਣਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਅਤੇ 2 ਹੋਰ ਲੋਕ ਜ਼ਿੰਮੇਵਾਰੀ ਹੋਣਗੇ। ਮਨਜੀਤ ਸਿੰਘ ਕਾਕਾ ਨੇ ਇਲਜ਼ਾਮ ਲਗਾਇਆ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਲਈ 30 ਲੱਖ ਲਏ ਗਏ ਸਨ ਪਰ ਇੱਕ ਰਾਤ ਪਹਿਲਾਂ ਜਦੋਂ ਵਿੱਕੀ ਬਾਜਵਾ ਵੱਲੋਂ 50 ਲੱਖ ਦੀ ਆਫਰ ਹੋਈ ਤਾਂ ਮੇਰੇ ਪੈਸੇ ਵਾਪਸ ਕਰ ਦਿੱਤੇ । ਪੈਸੇ ਵਾਪਸ ਕਰਨ ਦਾ ਵੀਡੀਓ ਵੀ ਮਨਜੀਤ ਸਿੰਘ ਕਾਕਾ ਨੇ ਨਸ਼ਰ ਕੀਤਾ ਹੈ । ਜਿਸ ਵਿੱਚ ਗੁਰਪ੍ਰੀਤ ਸਿੰਘ ਪੈਸੇ ਵਾਪਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਨੂੰ ਖੁੱਲੀ ਚੁਣੌਤੀ ਦਿੱਤੀ ਹੈ ।

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਜਾਰੀ ਕਰਦੇ ਹੋਏ ਕਿਹਾ ‘ਮੈਂ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੌੜਾ ਨੂੰ ਚੈਲੰਜ ਕਰਦਾ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਵਾਅਦਾ ਕੀਤਾ ਸੀ ਕਿ ਭ੍ਰਿਸ਼ਟਾਚਾਰ ਸੰਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਕੀ ਹੁਣ ਉਹ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ‘ਤੇ ਰਿਸ਼ਵਤ ਲੈਣ ਦੇ ਲੱਗੇ ਆਰੋਪਾਂ ਦੀ (ਸਮਾਂ-ਬੱਧ) ਸੁਤੰਤਰ ਅਤੇ ਨਿਰਪੱਖ ਜੂਡੀਸ਼ੀਅਲ ਜਾਂਚ ਕਰਵਾਉਣਗੇ? ਉਧਰ ਸੁਖਬੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ‘ਸਿਰੋਂ ਲੈਕੇ ਪੈਰਾਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਆਮ ਆਦਮੀ ਪਾਰਟੀ ਦਾ ਚਿਹਰਾ ਅੱਜ ਮੁੜ ਤੋਂ ਇੱਕ ਵਾਰੀ ਫ਼ਿਰ ਬੇਨਕਾਬ ਹੋਇਆ ਹੈ । ਮੁੱਖਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਲੱਖਾਂ ਰੁਪਏ ਵਿੱਚ ਵੇਚਣ ਦੇ ਦੋਸ਼ ਸਾਬਤ ਕਰਦੀ ਇੱਕ ਵੀਡੀਓ ਨੇ ਅੱਜ ਸਭ ਨੂੰ ਸ਼ਰਮਸਾਰ ਕਰ ਦਿੱਤਾ ਹੈ । ਇਸਦੇ ਨਾਲ ਹੀ ਜਿਸ ਵਿਅਕਤੀ ਨਾਲ ਇਹ ਗ਼ੈਰਕਾਨੂੰਨੀ ਸੌਦੇਬਾਜ਼ੀ ਹੋ ਰਹੀ ਸੀ, ਉਸ ਵੱਲੋਂ ਦੁਖੀ ਹੋ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦੀ ਘਟਨਾ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ । ਮੁੱਖ ਮੰਤਰੀ ਵੱਲੋਂ ਇਸ ਗੰਭੀਰ ਵਿਸ਼ੇ ‘ਤੇ ਚੁੱਪ ਵੱਟਣਾ ਇਸ ਘਟਨਾ ਵਿੱਚ ਉਨ੍ਹਾਂ ਦੀ ਮਿਲੀਭੁਗਤ ਵੱਲ ਇੱਕ ਵੱਡਾ ਇਸ਼ਾਰਾ ਹੈ । ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਨਿਰਪੱਖ ਜਾਂਚ ਦੇ ਨਾਲ-ਨਾਲ, ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰਦਾ ਹੈ ।

Comments

Leave a Reply

Your email address will not be published. Required fields are marked *