ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅਜਿਹੀ ਖਿੱਚੋਤਾਣ ਸੀ ਕਿ ਦੋਵਾਂ ਨੇ ਆਪੋ-ਆਪਣੇ ਉਮੀਦਵਾਰ ਵੱਖਰੇ ਤੌਰ ‘ਤੇ ਚੋਣ ਲੜਨ ਲਈ ਉਤਾਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ 41 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਹੈ। ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ। ਵੜਿੰਗ ਨੇ ਕਿਹਾ ਕਿ ‘ਆਪ’ ਹਰਿਆਣਾ ‘ਚ ਕਾਂਗਰਸ ਦੀ ਮਦਦ ਨਾਲ ਇਕ-ਦੋ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ‘ਆਪ’ ਨੂੰ ਹਰਿਆਣਾ ਦੀ ਕਿਸੇ ਵੀ ਸੀਟ ‘ਤੇ ਦੋ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ।
ਇਸ ਦੌਰਾਨ ਵੜਿੰਗ ਨੇ ਅਕਾਲੀ ਆਗੂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਚਰਚਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਅਗਲੇ ਦੋ ਸਾਲ ਚੋਣ ਨਾ ਲੜਨ ਦੀ ਸਜ਼ਾ ਹੋ ਸਕਦੀ ਹੈ। ਵੜਿੰਗ ਨੇ ਕਿਹਾ ਕਿ ਜੇਕਰ ਸਜ਼ਾ ਦੇਣੀ ਹੀ ਹੈ ਤਾਂ ਅਗਲੇ ਚਾਰ ਸਾਲਾਂ ਲਈ ਚੋਣ ਲੜਨ ‘ਤੇ ਪਾਬੰਦੀ ਲਗਾਈ ਜਾਵੇ। ਗਲਤੀਆਂ ਮਾਫ਼ ਕੀਤੀਆਂ ਜਾਂਦੀਆਂ ਹਨ, ਅਪਰਾਧ ਨਹੀਂ।