ਸ੍ਰੀ ਅਨੰਦਪੁਰ ਸਾਹਿਬ : ਅੱਜ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ (Sri Anandpur Sahib ) ਵਿਖੇ ਹੋਲਾ-ਮਹੱਲਾ (Hola-Mohalla ) ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਹਿਲਾਂ ਸ਼ੁਰੂ ਹੋਏ ਆਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ. ਇਸ ਮੌਕੇ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ।
ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਇਸੇ ਮੌਕੇ ਦੀਵਾਨ ਸਜਾਏ ਗਏ, ਨਿਹੰਗ ਸਿੰਘਾਂ ਦੇ ਜਥਿਆਂ ਅਤੇ ਖਾਲਸੇ ਦੀ ਫ਼ੌਜ ਨੇ ਗਤਕੇ ਅਤੇ ਹੋਰ ਕਲਾਵਾਂ ਦੇ ਜੌਹਰ ਦਿਖਾਏ। ਮੁੱਖ ਮੰਤਰੀ ਭਗਵੰਤ ਮਾਨ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, MP ਰਾਜਾ ਵੜਿੰਗ ਅਤੇ LOP ਪ੍ਰਤਾਪ ਸਿੰਘ ਬਾਜਵਾ ਸਣੇ ਕਈ ਸਖ਼ਸ਼ੀਅਤਾਂ ਨੇ ਵਧਾਈਆਂ ਦਿੱਤੀਆਂ ਹਨ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh) ਨੇ ਹੋਲੇ ਮਹੱਲੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਵੀ ਪੰਜਾਬ ਦੀ ਨੌਜਵਾਨੀ ਆਪਣੇ ਗੁਰੂ ਸਾਹਿਬਾਨਾਂ ਨੂੰ ਅਤੇ ਆਪਣੇ ਤਖ਼ਤਾਂ ਨੂੰ ਸਮਰਪਿਤ ਹੈ।
ਪੰਜਾਬੀ ਬੋਲੀ ’ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਸਮੁੱਚੇ ਪੰਜਾਬ ਵਿੱਚੋਂ ਪੰਜਾਬੀ ਬੋਲੀ ਖਤਮ ਹੋਣ ਦੀ ਕਗਾਰ ’ਤੇ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਤਾਕੀਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਸਿੱਖਿਆ ਨੀਤੀ ਬਣਾਈ ਹੈ ਉਸ ਸਬੰਧੀ ਅਕੈਡਮਿਕ ਮੈਂਬਰਾਂ ਦੀ ਇੱਕ ਬੈਠਕ ਬੁਲਾ ਕੇ ਸਿੱਖਿਆ ਨੀਤੀ ’ਚ ਚਰਚਾ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਕਿ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਲਈ, ਪੰਥ ਦੇ ਹੱਕ ਵਿੱਚ ਹੈ ਜਾਂ ਨਹੀਂ? ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਨਹੀਂ ਛੱਡ ਸਕਦੇ। ਇਸਦੇ ਨਾਲ ਉਨ੍ਹਾਂ ਨੇ ਸਮੁੱਚੀ ਕੌਮ ਨੂੰ ਗੁਰਬਾਣੀ ਨਾਲ ਜੁੜਨ ਲਈ ਵੀ ਬੇਨਤੀ ਕੀਤੀ।
ਮੋੜ ਕੇਸ ਦੀ ਗੱਲ ਕਰਦਿਆਂ ਉਨਾਂ ਨੇ ਕਿਹਾ ਕਿ ਪੰਜ ਬੱਚਿਆਂ ਸਮੇਤ 7 ਜਣਿਆਂ ਦੀ ਉਸ ਘਟਨਾ ਵਿੱਚ ਜਾਨ ਚਲੀ ਗਈ ਪਰ ਅਫਸੋਸ ਕਿ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਸਦੇ ਨਾਲ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਦਰਿੰਦੇ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਜਾਂਦੀ ਹੈ ਉੱਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਹੀ ਡੱਕਿਆ ਹੋਇਆ ਹੈ ਅਤੇ ਇਹ ਸਭ ਪੰਥ ਵਿਰੋਧੀ ਤਾਕਤਾਂ ਦਾ ਕੰਮ ਹੈ ਜੋ ਸਾਡੇ ਵਿੱਚ ਹੀ ਬੈਤ ਕੇ ਇਹ ਸਭ ਕਰ ਰਹੀਆਂ ਨੇ।
ਉਨ੍ਹਾਂ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਸਿੱਖਾਂ ਦੇ ਵਿੱਚ ਖਾਨਾਜੰਗੀ ਪੈਦਾ ਕੀਤੀ ਜਾ ਰਹੀ ਹੈ ਅਤੇ ਇਹ ਤਾਕਤਾਂ ਸਾਡੇ ਗੁਰੂਧਾਮਾਂ ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਸਾਡੀ ਅਰਦਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਥ ਇਸ ਮੁੱਦੇ ’ਤੇ ਇਕੱਠਾ ਨਹੀਂ ਹਨ। ਅੱਜ ਵਿਰੋਧੀ ਤਾਕਤਾਂ ਤੋਂ ਬਚਣ ਲਈ ਸਿੱਖਾਂ ਨੂੰ ਇਕੱਠੇ ਹੋ ਕੇ ਚੱਲਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਿੱਖਾਂ ਵਿੱਤ ਏਕਤਾ ਨਹੀਂ ਹੋਵੇਗੀ ਉਦੋਂ ਤੱਕ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ।
Leave a Reply