ਪਿੰਕੀ ਧਾਲੀਵਾਲ ਨੂੰ ਅਦਾਲਤ ਤੋਂ ਮਿਲੀ ਰਾਹਤ

ਉੱਘੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਦਿੱਤੀ ਸਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤੇ ਪ੍ਰੋਡਿਉਸਰ ਪਿੰਕੀ ਧਾਲੀਵਾਲ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿਤੀ ਹੈ। ਪਿੰਕੀ ਧਾਲੀਵਾਲ ਨੂੰ ਕੱਲ੍ਹ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਮੋਹਾਲੀ ਕੋਰਟ ਨੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਪਰ ਅੱਜ ਹਾਈਕੋਰਟ ਨੇ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਜ਼ਮਾਨਤ ਦਿੱਤੀ ਹੈ।

ਹਾਈਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ‘ਤੇ ਜਾਰੀ ਕੀਤੇ ਹਨ, ਜਿਸ ਵਿੱਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਿਆ ਗਿਆ ਸੀ। ਪਿੰਕੀ ਧਾਲੀਵਾਲ ਵੱਲੋਂ ਵਕੀਲ ਹਰਲਵ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਅਦਾਕਾਰਾ ਤੇ ਗਾਇਕਾ ਸੁਨੰਦਾ ਸ਼ਰਮਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸ਼ਨੀਵਾਰ ਨੂੰ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਤੇ ਧਾਲੀਵਾਲ ਦੇ ਮੁੰਡੇ ਨੇ ਇਸ ਗ੍ਰਿਫ਼ਤਾਰੀ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ।

ਇਸਤੋਂ ਪਹਿਲਾਂ ਧਾਲੀਵਾਲ ਨੂੰ ਦੋ ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਸੀ। ਪੇਸ਼ੀ ਤੋਂ ਪਹਿਲਾਂ ਸੀਆਈਏ ਪੁਲਿਸ ਜਾਂਚ ਲਈ ਪਿੰਕੀ ਧਾਲੀਵਾਲ ਨੂੰ ਮੋਹਾਲੀ ਸੈਕਟਰ-71 ਸਥਿਤ ਉਨ੍ਹਾਂ ਦੇ ਘਰ ਲੈ ਕੇ ਵੀ ਪਹੁੰਚੀ ਸੀ। ਇਸ ਦੌਰਾਨ ਡੀਐਸਪੀ ਤਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਵੱਲੋਂ ਧਾਲੀਵਾਲ ਦੇ ਘਰ ਵਿਚੋਂ ਕੁੱਝ ਦਸਤਾਵੇਜ਼ਾਂ ਨੂੰ ਵੀ ਕਬਜ਼ੇ ‘ਚ ਲਿਆ ਗਿਆ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਪਿੰਕੀ ਧਾਲੀਵਾਲ ‘ਤੇ ਗੈਰ-ਕਾਨੂੰਨੀ, ਸ਼ੋਸ਼ਣ ਕਰਨ ਵਾਲੇ ਅਤੇ ਅਪਮਾਨਜਨਕ ਵਿਵਹਾਰ ਦਾ ਇਲਜ਼ਾਮ ਲਾਏ ਸਨ। ਉਸ ਦਾ ਕਹਿਣਾ ਸੀ ਕਿ ਇਸ ਨਾਲ ਉਸ ਨੂੰ ਭਾਰੀ ਆਰਥਿਕ ਨੁਕਸਾਨ, ਮਾਨਸਿਕ ਪ੍ਰੇਸ਼ਾਨੀ ਅਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ। ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਧਾਲੀਵਾਲ ਨੇ ਸਾਲਾਂ ਤੱਕ ਉਸ ਦਾ 250 ਕਰੋੜ ਰੁਪਏ ਤੋਂ ਵੱਧ ਆਰਥਿਕ ਸ਼ੋਸ਼ਣ ਕੀਤਾ।  ਇਸ ਪੋਸਟ ਤੋਂ ਸਾਹਮਣੇ ਆਉਣ ਮਗਰੋਂ ਪੰਜਾਬੀ ਇੰਡਸਟਰੀ ਸਮੇਤ ਹੋਰ ਵੀ ਵੱਡੀਆਂ ਸਖਸ਼ੀਅਤਾਂ ਸੁਨੰਦਾ ਦੇ ਹੱਕ ਚ ਆਈਆਂ ਸੀ।

 

Comments

Leave a Reply

Your email address will not be published. Required fields are marked *